Breaking News
Home / ਸਿੱਖੀ ਖਬਰਾਂ / ਜਦੋਂ ਭਗਤ ਕਬੀਰ ਜੀ ਦੇ ਘਰ ਚੱਕੀ ਤੇ ਪੜੋਸ ਇਕ ਬਿਰਧ ਮਾਤਾ ਆ ਗਈ ਦਾਣੇ ਪੀਹਨ ਵਾਸਤੇ

ਜਦੋਂ ਭਗਤ ਕਬੀਰ ਜੀ ਦੇ ਘਰ ਚੱਕੀ ਤੇ ਪੜੋਸ ਇਕ ਬਿਰਧ ਮਾਤਾ ਆ ਗਈ ਦਾਣੇ ਪੀਹਨ ਵਾਸਤੇ

ਜਦੋਂ ਭਗਤ ਕਬੀਰ ਜੀ ਦੇ ਘਰ ਚੱਕੀ ਤੇ ਪੜੋਸ ਇਕ ਬਿਰਧ ਮਾਤਾ ਆ ਗਈ ਦਾਣੇ ਪੀਹਨ ਵਾਸਤੇ “ਭਗਤ ਕਬੀਰ ਜੀ ਦੇ ਘਰ ਇਕ ਚੱਕੀ ਸੀ, ਤੇ ਪੜੋਸ ਦੇ ‘ਚੋਂ ਇਕ ਬਿਰਧ ਮਾਤਾ ਆ ਗਈ ਦਾਣੇ ਪੀਹਨ ਵਾਸਤੇ। ਉਹ ਦਾਣੇ ਸਨ ਬਾਜਰੇ ਦੇ, ਤੇ ਜਿਉਂ-ਜਿਉਂ ਪੀਹ ਰਹੀ ਏ, ਥੋੜ੍ਹਾ-ਥੋੜ੍ਹਾ ਆਟਾ ਵਿਚ ਚੱਬ ਵੀ ਲੈਂਦੀ ਏ। ਕਬੀਰ ਜੀ ਵੇਖ ਰਹੇ ਨੇ, ਸੋਚਦੇ ਨੇ, ਬੜੀ ਬੇ-ਸਬਰੀ ਏ, ਬਹੁਤ ਬੇ-ਸਬਰੀ ਏ, ਸਾਰਾ ਆਟਾ ਪੀਹ ਲਵੇ, ਫਿਰ ਘਰ ਜਾ ਕੇ ਪਕਾ ਕੇ ਖਾਵੇ, ਪਰ ਵਿਚੇ ਈ ਫੱਕੇ ਮਾਰੀ ਜਾਂਦੀ ਏ। ਜਦੋਂ ਇਸ ਦਾ ਦਿਲ ਕਰਦੈ, ਫੱਕੇ ਮਾਰ ਲੈਂਦੀੇ ਏ। ਜਦ ਸਾਰੇ ਦਾਣੇ ਇਸਨੇ ਪੀਹ ਲਏ, ਤਾਂ ਫਿਰ ਚੱਕੀ ਦੇ ਵਿਚੋਂ ਆਟਾ ਕੱਢ ਕੇ ਉਹਨੇ ਆਪਣੇ ਭਾਂਡੇ ‘ਚ ਪਾਇਆ ਤੇ ਸਿਰ ਤੇ ਰੱਖ ਕੇ ਚੱਲ ਪਈ ਏ ਆਪਣੇ ਘਰ ਨੂੰ। ਜਿਉਂ ਆਪਣੇ ਘਰ ਨੂੰ ਜਾ ਰਹੀ ਏ, ਤੇ ਰਸਤੇ ‘ਚ ਪੈਂਦੀ ਸੀ ਇਕ ਨਾਲੀ, ਜਿਹਦੇ ਤੋਂ ਛਾਲ ਮਾਰ ਕੇ ਇਹਨੇ ਲੰਘਣਾ ਸੀ, ਤੇ ਜਿਉ ਛਾਲ ਮਾਰ ਕੇ ਲੰਘਣ ਲੱਗੀ ਨਾ, ਤਾਂ ਸਿਰ ਦਾ ਭਾਂਡਾ ਅੈਨ ਨਾਲੀ ਦੇ ਵਿਚ। ਸਾਰਾ ਈ ਆਟਾ ਚਿੱਕੜ ਦੇ ਵਿਚ। ਕਬੀਰ ਜੈਸਾ ਦਾਰਸ਼ਨਿਕ ਸੰਤ, ਤੇ ਮਹਾਂਕਵੀ ਖੜ੍ਹਾ ਹੋਵੇ ਤੋ ਉਹ ਰਹਿ ਥੋੜ੍ਹੀ ਸਕਦੈ, ਤੇ ਉਹਦੀ ਆਤਮਾ ਦੇ ਗਹਿਰੇ ਤਲ ਦੇ ‘ਚੋ ਅਮਰ ਕਲਾਮ ਦਾ ਜਨਮ ਹੋਇਅੈ, ਅੰਮ੍ਰਿਤਮਈ ਬਚਨ ਨਿਕਲੇ ਨੇ :- “ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ,ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਥ ॥ ੨੧੫ ॥ {ਅੰਗ ੧੩੭੬} ਉਸ ਨਿਕੀ ਜਿਹੀ ਘਟਨਾ ਤੋਂ ਕਬੀਰ ਬਹੁਤ ਵੱਡਾ ਖਿਆਲ ਦੇ ਗਏ।ਬਈ ਮਿਹਨਤ ਤੇ ਇਸ ਨੇ ਬੜੀ ਕੀਤੀ, ਵਿਚਾਰੀ ਚੱਕੀ ਘੁਮਾਉਂਦੀ ਰਹੀ ਹੱਥ ਦੇ ਨਾਲ, ਤੇ ਜੋਰ ਤੇ ਲੱਗਦੈ ਸਰੀਰ ਦਾ ਉਸਦੇ ਵਿਚ। ਤੇ ਹੁਣ ਕਿਲੋ, ਦੋ ਕਿਲੋ ਦੇ ਕਰੀਬ ਇਸਨੇ ਦਾਣੇ ਪੀਸੇ ਨੇ, ਸਰੀਰ ਦੇ ਵਿਚੋਂ ਕਾਫੀ ਪਸੀਨਾ ਨਿਕਲਿਅੈ, ਵਿਚਾਰੀ ਥੱਕ ਗਈ ਏ, ਪਰ ਆਟਾ ਸਾਰਾ ਚਿੱਕੜ ਦੇ ਵਿਚ। ਉਹ ਪੰਜ ਸੱਤ ਫੱਕੇ ਜਿਹੜੇ ਉਸ ਨੇ ਮਾਰ ਲਏ, ਉਹ ਤੇ ਉਸਦੇ, ਬਾਕੀ ਤੇ ਸਾਰਾ ਚਿੱਕੜ ਦੇ ਵਿਚ। ਤੋ ਇਥੇ ਦਰਅਸਲ ਦੋ ਪੁੜ ਚੱਕੀ ਦੇ ਕਿਹੜੇ ਨੇ? ਦਿਨ ਹੈ ਰਾਤ ਹੈ, ਇਸ ਨੂੰ ਕਬੀਰ ਚੱਕੀ ਪਏ ਕਹਿੰਦੇ ਨੇ। ਔਰ ਇਹਦੇ ‘ਚ ਅਸੀਂ ਕਿਹੜੇ ਦਾਣੇ ਪਏ ਪੀਹਨੇ ਆਂ? ਕਰਮਾਂ ਦੇ, ਕਰਮਾਂ ਦਾ ਸਵਾਸਾਂ ਨਾਲ ਕਿਉਂਕਿ ਬਹੁਤ ਗਹਿਰਾ ਸੰਬੰਧ ਹੈ, ਸਵਾਸਾਂ ਤੋਂ ਬਿਨਾਂ ਕਰਮ ਹੋ ਨਹੀ ਸਕਦੇ। ਕਬੀਰ ਕਹਿੰਦੇ ਨੇ, ਇਸ ਦਿਨ ਰਾਤ ਦੀ ਚੱਕੀ ਦੇ ਵਿਚ ਜਿਹੜੇ ਕੁਝ ਸਵਾਸ ਪਰਮਾਤਮਾ ਦੇ ਲੇਖੇ ਲਾ ਲਏ, ਵਾਹਿਗੁਰੂ,ਵਾਹਿਗੁਰੂ ਆਖ ਛੱਡਿਆ, ਸਤਿਸੰਗ ਦੇ ਵਿਚ ਬੈਠ ਕੇ, ਕਥਾ ਕੀਰਤਨ ਸੁਣ ਲਿਆ, ਉਹ ਤੇ ਸਵਾਸ ਚੱਬ ਲਏ, ਉਹ ਆਟਾ ਤੇ ਚੱਬ ਲਿਆ, ਉਹ ਕਰਮ ਤੇ ਨਾਲ, ਬਾਕੀ ਸਾਰੇ ਚਿੱਕੜ ਦੇ ਵਿਚ, ਖੂਹ ਖਾਤੇ, ਕਿਸੇ ਕੰਮ ਦੇ ਨਈਂ।ਉਹ ਜਿਹੜੀਆਂ ਪੰਜ ਸੱਤ ਫੱਕੀਆਂ ਉਸ ਨੇ ਮਾਰ ਲਈਆਂ, ਉਹ ਤੇ ਨਾਲ, ਬਾਕੀ ਸਾਰੇ ਚਿੱਕੜ ਦੇ ਵਿਚ। ਇਸ ਸਲੋਕ ਤੋਂ ਮੈਂ ਇਹ ਪ੍ਰੇਰਣਾ ਲਈ, ਕਿ ਠੀਕ ਅੈ, ਫਿਰ ਵੀ ਖ਼ੁਸ਼ਕਿਸਮਤ ਹੈ, ਪੰਜ ਸੱਤ ਫੱਕੀਆਂ ਤੇ ਮਾਰ ਲਈਆਂ, ਅੈਸੇ ਵੀ ਬਦਬਖ਼ਤ ਨੇ, ਜਿਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਏ, ਪੀਂਹਦਿਆਂ-ਪੀਦਿਆਂ ਤੇ ਜਿਹੜਾ ਆਟਾ ਨਿਕਲਦੈ, ਸਾਰਾ ਈ ਨਾਲੀ ਦੇ ਵਿਚ। ਇਕ ਫੱਕੀ ਵੀ ਕਦੀ ਨਈਂ ਮਾਰਦਾ, ਇਕ ਸਵਾਸ ਵੀ ਕਦੀ ਲੇਖੇ ਨਈਂ ਲਾਇਆ, ਇਕ ਦਮ ਵੀ ਕਦੀ ਲੇਖੇ ਨਈਂ ਲਾਇਆ, ਸਾਰੇ ਦਮ ਵਿਅਰਥ ਚਲੇ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ :-“ਦਮਿ ਦਮਿ ਸਦਾ ਸਮਾਲਦਾ ਦਮੁ ਨ ਬਿਰਥਾ ਜਾਇ॥”{ਅੰਗ ੫੫੫}ਇਸ ਤਰੀਕੇ ਨਾਲ ਜੇ ਕੋਈ ਕਿਧਰੇ ਜਾਪ ਕਰੋ ਤੇ ਗੱਲ ਕਿਤਨੀ ਦੇਰ ਦੇ ਵਿਚ ਬਣੇਗੀ?”ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ॥”{ਆਸਾ,ਸ਼ੇਖ ਫ਼ਰੀਦ ਜੀ,ਅੰਗ ੪੮੮} ਮਨ ਨੂੰ ਮਚਾਉਣ ਵਾਲੀਆਂ ਜਿਹੜੀਆਂ ਵਾਸ਼ਨਾਵਾਂ ਨੇ, ਇੱਛਾਵਾਂ ਨੇ, ਤੂੰ ਉਨ੍ਹਾਂ ਨੂੰ ਇਕ ਪਾਸੇ ਕਰ, ਅੱਜ ਹੀ ਪ੍ਰਭੂ ਮਿਲਾਪ ਹੋ ਜਾਏਗਾ, ਹੁਣੇ ਈ ਪਰਮਾਤਮਾ, ਅੱਜ ਹੀ ਗੱਲ ਬਣ ਜਾਏਗੀ। ਗਿਅਾਨੀ ਸੰਤ ਸਿੰਘ ਜੀ ਮਸਕੀਨ

About admin

Leave a Reply

Your email address will not be published. Required fields are marked *